ਅਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
ਅੰਗ– 654, 06 ਮਈ 2025
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ
ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥
ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ)
ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧ ॥
ਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ। ਪੰਡਿਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ (ਜਗਤ ਤਿਆਗ ਗਏ) ॥੧॥
ਮਨ ਰੇ ਸਰਿਓ ਨ ਏਕੈ ਕਾਜਾ ॥
ਹੇ ਮਨ! ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ,
ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥
ਤੂੰ ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ ॥੧॥ ਰਹਾਉ ॥
ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥
ਕਈ ਲੋਕਾਂ ਨੇ ਜੰਗਲਾਂ ਵਿਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ-ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ;
ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥
ਜੋਗੀ, ਕਰਮ-ਕਾਂਡੀ, ‘ਅਲੱਖ’ ਆਖਣ ਵਾਲੇ ਜੋਗੀ, ਮੋਨਧਾਰੀ-ਇਹ ਸਾਰੇ ਜਮ ਦੇ ਲੇਖੇ ਵਿਚ ਹੀ ਲਿਖੇ ਗਏ (ਭਾਵ, ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ) ॥੨॥
ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥
ਜਿਸ ਮਨੁੱਖ ਨੇ ਸਰੀਰ ਉੱਤੇ ਤਾਂ (ਧਾਰਮਿਕ ਚਿੰਨ੍ਹ) ਚੱਕਰ ਆਦਿਕ ਲਾ ਲਏ ਹਨ, ਪਰ ਪ੍ਰੇਮਾ-ਭਗਤੀ ਉਸ ਦੇ ਹਿਰਦੇ ਵਿਚ ਪੈਦਾ ਨਹੀਂ ਹੋਈ,
ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥
ਜੋ ਰਾਗ ਰਾਗਨੀਆਂ ਤਾਂ ਗਾਉਂਦਾ ਹੈ ਪਰ ਨਿਰਾ ਪਖੰਡ-ਮੂਰਤੀ ਹੀ ਬਣ ਬੈਠਾ ਹੈ, ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ ॥੩॥
ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥
ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ, ਭਰਮੀ ਗਿਆਨੀ ਭੀ ਉਸੇ ਹੀ ਲੇਖੇ ਵਿਚ ਲਿਖੇ ਗਏ ਹਨ (ਉਹ ਭੀ ਮੌਤ ਦੇ ਸਹਿਮ ਵਿਚ ਹੀ ਹਨ)।
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥
ਕਬੀਰ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ ॥੪॥੩॥
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ 🙏